ਪਿਸ਼ਾਬ ਨਾਲੀ ਦੀ ਲਾਗ
From Wikipedia, the free encyclopedia
ਪਿਸ਼ਾਬ ਨਾਲੀ ਦੀ ਲਾਗ (urinary tract infection ਜਾਂ UTI) ਇੱਕ ਬੈਕਟੀਰੀਆ ਤੋਂ ਹੋਣ ਵਾਲੀ ਲਾਗ ਹੈ ਜੋ ਪਿਸ਼ਾਬ ਨਾਲੀ ਦੇ ਹਿੱਸਿਆਂ ਨੂੰ ਪ੍ਰਭਾਵਿਤ ਕਰਦੀ ਹੈ। ਜਦੋਂ ਇਹ ਪਿਸ਼ਾਬ ਨਾਲੀ ਦੇ ਹੇਠਲੇ ਹਿੱਸੇ ਤੇ ਅਸਰ ਕਰਦੀ ਹੈ ਤਾਂ ਇਸ ਨੂੰ ਸਧਾਰਨ ਸਿਸਟਾਈਟਸ (ਮਸਾਨੇ ਦੀ ਲਾਗ) ਕਿਹਾ ਜਾਂਦਾ ਹੈ ਅਤੇ ਜਦੋਂ ਇਹ ਪਿਸ਼ਾਬ ਨਾਲੀ ਦੇ ਉੱਪਰਲੇ ਹਿੱਸੇ ਤੇ ਅਸਰ ਕਰਦੀ ਹੈ ਤਾਂ ਇਸ ਨੂੰ ਪਾਈਲੋਨਫ੍ਰਾਈਟਿਸ (ਗੁਰਦੇ ਦੀ ਲਾਗ) ਕਿਹਾ ਜਾਂਦਾ ਹੈ। ਪਿਸ਼ਾਬ ਨਾਲੀ ਦੇ ਹੇਠਲੇ ਹਿੱਸੇ ਦੇ ਲੱਛਣਾਂ ਵਿੱਚ ਸ਼ਾਮਲ ਹਨ ਪਿਸ਼ਾਬ ਕਰਨ ਵੇਲੇ ਦਰਦ ਅਤੇ ਜਾਂ ਤਾਂ ਬਾਰ-ਬਾਰ ਪਿਸ਼ਾਬ ਆਉਣਾ ਜਾਂ ਪਿਸ਼ਾਬ ਕਰਨ ਦੀ ਇੱਛਾ ਹੋਣੀ (ਜਾਂ ਦੋਵੇਂ), ਜਦ ਕਿ ਪਿਸ਼ਾਬ ਨਾਲੀ ਦੇ ਉੱਪਰਲੇ ਹਿੱਸੇ ਦੇ ਲੱਛਣਾਂ ਵਿੱਚ, ਹੇਠਲੇ ਹਿੱਸੇ ਦੇ ਲੱਛਣਾਂ ਦੇ ਨਾਲ-ਨਾਲ ਬੁਖਾਰ ਅਤੇ ਪੇਟ ਵਿੱਚ ਦਰਦ ਵੀ ਸ਼ਾਮਲ ਹਨ। ਬਜ਼ੁਰਗਾਂ ਅਤੇ ਬਹੁਤ ਛੋਟੇ ਵਿਅਕਤੀਆਂ ਵਿੱਚ, ਹੋ ਸਕਦਾ ਹੈ ਲੱਛਣ ਸਪਸ਼ਟ ਨਾ ਹੋਣ ਅਤੇ ਗੈਰ-ਵਿਸ਼ਿਸ਼ਟ ਹੋਣ। ਦੋਵੇਂ ਕਿਸਮ ਦੀਆਂ ਲਾਗਾਂ ਲਈ ਮੁੱਖ ਕਾਰਕ ਏਜੰਟ ਏਸਕੇਰੀਸ਼ਿਆ ਕੋਲੀ ਹੈ, ਦੂਜੇ ਬੈਕਟੀਰੀਆ, ਵਾਇਰਸ ਜਾਂ ਉੱਲੀ ਵੀ ਕਦੇ-ਕਦਾਈਂ ਇਸਦਾ ਕਾਰਨ ਹੋ ਸਕਦੇ ਹਨ।
ਪਿਸ਼ਾਬ ਨਾਲੀ ਦੀ ਲਾਗ | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
ਆਈ.ਸੀ.ਡੀ. (ICD)-10 | N39.0 |
ਆਈ.ਸੀ.ਡੀ. (ICD)-9 | 599.0 |
ਰੋਗ ਡੇਟਾਬੇਸ (DiseasesDB) | 13657 |
ਮੈੱਡਲਾਈਨ ਪਲੱਸ (MedlinePlus) | 000521 |
ਈ-ਮੈਡੀਸਨ (eMedicine) | emerg/625 emerg/626 |
MeSH | D014552 |
ਪਿਸ਼ਾਬ ਨਾਲੀ ਦੀਆਂ ਲਾਗਾਂ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਵਧੇਰੇ ਆਮ ਹੁੰਦੀਆਂ ਹਨ, ਅਤੇ ਅੱਧੀਆਂ ਔਰਤਾਂ ਨੂੰ ਉਹਨਾਂ ਦੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਘੱਟੋ-ਘੱਟ ਇੱਕ ਲਾਗ ਹੁੰਦੀ ਹੈ। ਵਾਰ-ਵਾਰ ਲਾਗ ਹੋਣੀ ਆਮ ਗੱਲ ਹੈ। ਜੋਖਮ ਦੇ ਕਾਰਕਾਂ ਵਿੱਚ ਔਰਤ ਦੀ ਸਰੀਰ ਰਚਨਾ, ਜਿਨਸੀ ਸਬੰਧ ਅਤੇ ਪਰਿਵਾਰਕ ਇਤਿਹਾਸ ਸ਼ਾਮਲ ਹਨ। ਜੇ ਪਾਈਲੋਨਫ੍ਰਾਈਟਿਸ (ਪਿਸ਼ਾਬ ਨਾਲੀ ਦੇ ਉੱਪਰਲੇ ਹਿੱਸੇ ਦੀ ਲਾਗ) ਹੁੰਦੀ ਹੈ, ਤਾਂ ਆਮ ਤੌਰ ਤੇ ਇਹ ਮਸਾਨੇ ਦੀ ਲਾਗ ਦੇ ਬਾਅਦ ਹੁੰਦੀ ਹੈ ਪਰ ਇਹਖੂਨ ਵਿਚਲੀ ਲਾਗ ਦਾ ਨਤੀਜਾ ਵੀ ਹੋ ਸਕਦੀ ਹੈ। ਸਿਹਤਮੰਦ ਨੌਜਵਾਨ ਔਰਤਾਂ ਵਿੱਚ ਨਿਦਾਨ ਸਿਰਫ ਲੱਛਣਾਂ ਦੇ ਅਧਾਰ ਤੇ ਹੋ ਸਕਦਾ ਹੈ। ਅਸਪਸ਼ਟ ਲੱਛਣਾਂ ਵਾਲੀਆਂ ਔਰਤਾਂ ਵਿੱਚ, ਨਿਦਾਨ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਕਿਸੇ ਲਾਗ ਦੇ ਬਿਨਾਂ ਹੀ ਬੈਕਟੀਰੀਆ ਮੌਜੂਦ ਹੋ ਸਕਦੇ ਹਨ। ਜਟਿਲ ਮਾਮਲਿਆਂ ਵਿੱਚ ਜਾਂ ਜੇ ਇਲਾਜ ਫੇਲ ਹੋ ਗਿਆ ਹੈ, ਪਿਸ਼ਾਬ ਦਾ ਕਲਚਰ ਉਪਯੋਗੀ ਹੋ ਸਕਦਾ ਹੈ ਜਿਨ੍ਹਾਂ ਲੋਕਾਂ ਨੂੰ ਵਾਰ-ਵਾਰ ਲਾਗ ਹੁੰਦੀ ਹੈ, ਉਹਨਾਂ ਵਿੱਚ ਰੋਗਾਣੂ-ਵਿਰੋਧੀ ਦਵਾਈ ਨੂੰ ਰੋਕਥਾਮ ਵਾਲੇ ਉਪਾਅ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ।
ਗੈਰ-ਜਟਿਲ ਮਾਮਲਿਆਂ ਵਿੱਚ, ਰੋਗਾਣੂ-ਵਿਰੋਧੀ ਦਵਾਈਆਂ ਦੇ ਛੋਟੇ ਕੋਰਸ ਦੇ ਨਾਲ ਪਿਸ਼ਾਬ ਨਾਲੀ ਦੀਆਂ ਲਾਗਾਂ ਦਾ ਆਸਾਨੀ ਨਾਲ ਇਲਾਜ ਕੀਤਾ ਜਾਂਦਾ ਹੈ, ਹਾਲਾਂਕਿ ਇਸ ਸਮੱਸਿਆ ਦਾ ਇਲਾਜ ਕਰਨ ਲਈ ਵਰਤੀਆਂ ਜਾਂਦੀਆਂ ਕਈ ਰੋਗਾਣੂ ਵਿਰੋਧੀ ਦਵਾਈਆਂ ਦੇ ਪ੍ਰਤੀ ਰੋਧਕਤਾ ਵੱਧ ਰਹੀ ਹੈ। ਜਟਿਲ ਮਾਮਲਿਆਂ ਵਿੱਚ, ਨੱਸ ਰਾਹੀਂ ਦਿੱਤੀਆਂ ਜਾਣ ਵਾਲੀਆਂ ਐਂਟੀਬਾਇਓਟਿਕਸ ਦੇ ਲੰਮੇ ਕੋਰਸ ਦੀ ਲੋੜ ਹੋ ਸਕਦੀ ਹੈ, ਅਤੇ ਜੇ ਦੋ ਜਾਂ ਤਿੰਨ ਦਿਨਾਂ ਵਿੱਚ ਲੱਛਣਾਂ ਵਿੱਚ ਸੁਧਾਰ ਨਹੀਂ ਹੁੰਦਾ ਹੈ, ਅਗਲੇਰੀ ਨਿਦਾਨਾਤਮਕ ਜਾਂਚ ਦੀ ਲੋੜ ਹੁੰਦੀ ਹੈ। ਔਰਤਾਂ ਵਿੱਚ, ਬੈਕਟੀਰੀਆ ਵਾਲੀਆਂ ਲਾਗਾਂ ਦਾ ਸਭ ਤੋਂ ਆਮ ਰੂਪ ਪਿਸ਼ਾਬ ਨਾਲੀ ਦੀਆਂ ਲਾਗਾਂ ਹਨ, ਅਤੇ 10% ਨੂੰ ਸਲਾਨਾ ਤੌਰ ਤੇ ਪਿਸ਼ਾਬ ਨਾਲੀ ਦੀਆਂ ਲਾਗਾਂ ਹੁੰਦੀਆਂ ਹਨ।